Tuesday, August 28, 2007

ਪਤਝੜ-ਬਿਰਹੋਂ ਦੀ ਰੁੱਤ

ਇਸ ਬਿਰਹੋਂ ਰੁਤ ਦੇ ਨਾਮ ਜਿਸਨੂੰ ਪੱਤਝੜ ਕਹਿੰਦੇ ਨੇ....
--------------------------------------------
ਪਤਝੜ ਦੀ ਇੱਕ ਸ਼ਾਮ ਸੁਨਹਿਰੀ,
ਪੱਤਾ ਪੱਤਾ ਝੜਦਾ ਹੈ।
ਚੁੱਪ ਚਪੀਤੇ ਚਿਹਰਾ ਤੇਰਾ,
ਯਾਦਾਂ ਵਿੱਚ ਆ ਵੜਦਾ ਹੈ।
ਹਰ ਐਸੀ ਪਤਝੜ ਮਗਰੋਂ,
ਕੁਝ ਅੰਦਰ ਮੇਰੇ ਸੜਦਾ ਹੈ।
ਲੰਘਿਆ ਹੋਇਆ ਕੱਲ੍ਹ ਮੇਰਾ,
ਫਿਰ ਵਰਤਮਾਨ ਹੋ ਖੜ੍ਹਦਾ ਹੈ।


ਵਕਤ ਦਾ ਚੱਕਰ

ਵਕਤ ਦਾ ਚੱਕਰ ਚੱਲਦਾ ਹੈ ਤੇ ਪਲ ਪਲ ਯੁਗ ਬਦਲਦਾ ਹੈ।
ਇਸ ਸ਼ਾਮ ਦਾ ਸੂਰਜ ਲਾਲ ਜਿਹਾ ਹੈ ਡੁੱਬਦਾ ਜਾਂਦਾ ਦੂਰ ਕਿਤੇ,
ਪਰ ਡੁੱਬਦਾ ਡੁੱਬਦਾ ਲਾਲੀ ਆਪਣੀ ਚਿਹਰੇ ਮੇਰੇ ਮਲ਼ਦਾ ਹੈ।
ਸੁਰਮੇਂ ਰੰਗੇ ਅਸਮਾਨ ਉੱਤੇ ਇੱਕ ਡਾਰ ਜਾਂਦੀ ਏ ਕੂੰਜਾਂ ਦੀ,
ਸੱਧਰਾਂ ਦੇ ਕੂਲ਼ੇ ਪੰਖ ਫੈਲਾ ਦਿਲ ਕੂੰਜਾਂ ਵਿੱਚ ਜਾ ਰਲ਼ਦਾ ਹੈ।
ਜਦ ਕਾਲ਼ੀ ਰਾਤ ਨੇ ਘੁੰਡ ਚੁੱਕਿਆ ਤਾਂ ਗੋਰਾ ਚਿੱਟਾ ਚੰਨ ਚੜਿਆ,
ਇਸ ਚੰਨ ਵਰਗਾ ਏ ਚਿਹਰਾ ਇੱਕ ਜੋ ਸੀਨੇ ਮੇਰੇ ਪਲ਼ਦਾ ਹੈ।
ਰਾਤ ਦੀ ਸਰਦ ਖ਼ਾਮੋਸ਼ੀ ਵਿੱਚ ਇੱਕ ਚੀਕ ਰੋਜ਼ ਮੈਨੂੰ ਸੁਣਦੀ ਏ,
ਹਰ ਰਾਤ ਕਿਸੇ ਦਾ ਕਤਲ ਹੁੰਦਾ, ਹਰ ਰਾਤ ਸਿਵਾ ਇੱਕ ਬਲ਼ਦਾ ਹੈ।
ਜਦ ਸੁਬ੍ਹਾ ਦਾ ਸੂਰਜ ਸਿਰ ਚੁੱਕ ਕੇ ਵਿਹੜੇ ਵਿੱਚ ਝਾਤੀ ਮਾਰਦਾ ਏ,
ਅਹਿਸਾਸ ਨਵਾਂ ਇੱਕ ਜੰਮ ਪੈਂਦਾ ਜੋ ਰਾਤ ਦੇ ਸੱਚ ਤੋਂ ਟਲ਼ਦਾ ਹੈ।