Friday, September 14, 2007

ਲੋਕ

ਰੰਗ ਬਿਰੰਗੀ ਦੁਨੀਆ ਦੇ ਵਿੱਚ,
ਕੀ ਕੀ ਰੰਗ ਵਿਖਾਉਂਦੇ ਲੋਕ।
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ,
ਹੱਸਦਿਆਂ ਹੋਰ ਹਸਾਉਂਦੇ ਲੋਕ।
ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇੰਝ ਵੀ ਦਿਲ ਪਰਚਾਉਂਦੇ ਲੋਕ।
ਆਪ ਕਿਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਫਿਰਦੇ,
ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ।
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁੰਦੇ ਲੋਕ।
ਬਣ ਸਿੱਧੂ ਦੇ ਰਾਹ ਵਿੱਚ ਰੋੜਾ,
ਪਤਾ ਨਹੀਂ ਕੀ ਪਾਉਂਦੇ ਲੋਕ।