Friday, September 14, 2007

ਕਵਿਤਾ ਦੀ ਨਾਰਾਜ਼ਗੀ

ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ ਸਿੱਧੂ ਨੂੰ ਦਵਾ ਤਾਂ ਦੇ।

ਆਸ ਕਰਦਾਂ ਕਿ ਤੁਹਾਡਾ ਪਿਆਰ ਬਰਕਰਾਰ ਰਹੇਗਾ.....
...Comments ਦੀ ਉਡੀਕ ਵਿੱਚ

ਪੰਜ ਪਾਣੀਆਂ ਦੀ ਧਰਤੀ ਦੇ ਨਾਂ.....

ਰਾਤ ਘਟਾਵਾਂ ਚੜ੍ਹ ਚੜ੍ਹ ਆਈਆਂ,
ਰਾਤ ਬੜਾ ਹੀ ਵਰ੍ਹਿਆ ਪਾਣੀ ।
ਅੰਦਰ ਕੋਸਾ, ਖ਼ਾਰਾ ਅੱਖ਼ ਦਾ,
ਬਾਹਰ ਨਿਰਮਲ ਠਰਿਆ ਪਾਣੀ।
ਪਲਕਾਂ ਦੇ ਬੰਨ੍ਹ ਟੁੱਟਦੇ ਟੁੱਟ ਗਏ,
ਕੋਇਆਂ ਵਿੱਚੋਂ ਹੜ੍ਹਿਆ ਪਾਣੀ।
ਪਾਣੀ ਵਿੱਚ ਕੋਈ ਡੁੱਬਿਆ ਰਾਤੀਂ,
ਕਿਸੇ ਦੇ ਉੱਪਰ ਤਰਿਆ ਪਾਣੀ।
ਕਿਣ ਮਿਣ ਕਿਣ ਮਿਣ ਟਿਪ ਟਿਪ ਟਿਪ ਟਿਪ,
ਰਾਗ ਨਵਾਂ ਹੀ ਘੜਿਆ ਪਾਣੀ।
ਖ਼ੁਸ਼ਕ ਲੋਕਾਂ ਦੀ ਖ਼ੁਸ਼ਕ ਸੀ ਮਹਿਫਿਲ,
ਤੰਗ ਬੜਾ ਹੀ ਕਰਿਆ ਪਾਣੀ।
ਪਿਆਸ ਸੀ ਮੇਰੀ ਤਾਜ਼ੇ ਜਲ ਦੀ,
ਚਾਰੇ ਪਾਸੇ ਖਰਿਆ ਪਾਣੀ।
ਕਦੇ ਬੂੰਦ ਤੇ ਕਦੇ ਸਮੁੰਦਰ,
ਕਦੇ ਝੀਲ ਕਦੇ ਦਰਿਆ ਪਾਣੀ।
ਵੇਖੋ ਪਾਣੀ ਨਿਮਰ ਹੈ ਕਿੰਨਾ,
ਨੀਵੇਂ ਵੱਲ ਨੂੰ ਢਲ਼ਿਆ ਪਾਣੀ।
ਪਾਣੀ ਦੇ ਨਾਲ਼ ਰੁੱਖ ਪਲ਼ਦੇ ਨੇ,
ਰੁੱਖਾਂ ਅੰਦਰ ਪਲਿਆ ਪਾਣੀ।
ਮੁੱਠੀ ‘ਚੋਂ ਤ੍ਰਿਪ ਤ੍ਰਿਪ ਵਹਿ ਜਾਂਦਾ,
ਕਿਸੇ ਨਾ ਮੁੱਠੀ ਫੜ੍ਹਿਆ ਪਾਣੀ।
ਬੰਦਾ ਰੁੱਖ ਜਾਨਵਰ ਮਰਦੇ,
ਕਦੇ ਵੀ ਪਰ ਨਾ ਮਰਿਆ ਪਾਣੀ।
ਪਾਣੀ ਖਾਤਿਰ ਲੜਦੇ ਵੇਖੇ ,
ਆਪ ਕਦੇ ਨਾ ਲੜਿਆ ਪਾਣੀ।
ਹਰ ਸ਼ੈਅ ਵਿੱਚ ਇਉਂ ਰੱਬ ਵਸਦਾ ਹੈ,
ਬੱਦਲ਼ ਵਿੱਚ ਜਿਉਂ ਵੜਿਆ ਪਾਣੀ।
ਪਾਣੀ ਦੀ ਕੋਈ ਕਦਰ ਨਾ ਕਰਦਾ,
ਸਭ ਨੂੰ ਜਿਉਂਦੇ ਕਰਿਆ ਪਾਣੀ।
ਤੁਰਦਾ ਰਹੇ ਤਾਂ ਬਰਕਤ ਇਸ ਵਿੱਚ,
ਮੁਸ਼ਕ ਮਾਰਦਾ ਖੜ੍ਹਿਆ ਪਾਣੀ।
ਪੰਜ ਆਬ ਨੂੰ ਕੀ ਆਖੋਗੇ,
ਜੇ ਪੱਲਿਓਂ ਨਾ ਸਰਿਆ ਪਾਣੀ।
ਮੂਰਖ ਇੰਝ ਮੁਕਾਅ ਬਹਿੰਦੇ ਨੇ,
ਜਿਉਂ ਸੁੱਕ ਜਾਂਦਾ ਵਰ੍ਹਿਆ ਪਾਣੀ।
ਸਿੱਧੂਆ ਸੁੱਕ ਜਾਣਾ ਪੰਜ- ਆਬ ਵੀ,
ਇੰਝ ਬਰਬਾਦ ਜੇ ਕਰਿਆ ਪਾਣੀ।

ਲੋਕ

ਰੰਗ ਬਿਰੰਗੀ ਦੁਨੀਆ ਦੇ ਵਿੱਚ,
ਕੀ ਕੀ ਰੰਗ ਵਿਖਾਉਂਦੇ ਲੋਕ।
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ,
ਹੱਸਦਿਆਂ ਹੋਰ ਹਸਾਉਂਦੇ ਲੋਕ।
ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇੰਝ ਵੀ ਦਿਲ ਪਰਚਾਉਂਦੇ ਲੋਕ।
ਆਪ ਕਿਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਫਿਰਦੇ,
ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ।
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁੰਦੇ ਲੋਕ।
ਬਣ ਸਿੱਧੂ ਦੇ ਰਾਹ ਵਿੱਚ ਰੋੜਾ,
ਪਤਾ ਨਹੀਂ ਕੀ ਪਾਉਂਦੇ ਲੋਕ।